Video
  • Home
  • Video
  • Music
  • Media
  • Poetry
  • Photo Gallery
  • Watno Door

Jago Wake Up

Home
Subscribe to: Posts (Atom)
ਮੈਂ ਪ੍ਰਦੇਸੀ ਹੋਇਆ ਜਦ ਦਾ
ਆਪਣਾ ਆਪ ਰਿਹਾ ਹਾਂ ਲੱਭਦਾ
ਚਾਨਣਾਂ ਦੇ ਸ਼ਹਿਰ ਸ਼ਮੀ ਗਮਾਂ ਦਾ ਹਨੇਰ
ਇਥੇ ਨਾ ਕੋਈ ਜੁਗਨੂੰ ਜਗਦਾ
ਪਿਆਰੇ ਸ਼ਮੀ,
ਤੇਰੀ ਪੁਸਤਕ ਵਤਨੋਂ ਦੂਰ ਦਾ ਖਰੜਾ ਮਿਲਿਆ।
ਸਾਹਿਤ ਨਾਲ ਵਾਸਤਾ ਰੱਖਣ ਵਾਲੇ ਲੋਕ ਮੈਨੂੰ ਚੰਗੇ ਲੱਗਦੇ ਹਨ। ਸਾਹਿਤ ਨਾਲ ਵਾਸਤਾ ਰੱਖਣ ਦਾ ਮਤਲਬ ਹੈ ਮਾਨਵਤਾ ਅਤੇ ਕਾਇਨਾਤ ਦੀਆਂ ਸਭ ਤੋਂ ਗਹਿਰੀਆਂ ਆਵਾਜ਼ਾਂ ਨੂੰ ਸੁਣਨ ਦੀ ਕੋਸ਼ਿਸ਼ ਕਰਨੀ ਤੇ ਉਹ ਲੋਕ ਜਿਹੜੇ ਮਾਤ-ਭੂਮੀ ਤੋਂ ਦੂਰ ਜਾ ਕੇ ਵੀ ਮਾਤ-ਭਾਸ਼ਾ ਦਾ ਪਿਆਰ ਪਾਲਦੇ ਹਨ ਉਹ ਤਾਂ ਹੋਰ ਵੀ ਚੰਗੇ ਲੱਗਦੇ ਹਨ। ਤੂੰ ਉਨ੍ਹਾਂ ਲੋਕਾਂ ਚੋਂ ਹੈ।
ਤੂੰ ਕਵਿਤਾ ਨਾਲ ਜੁੜਿਆ ਹੈ। ਮੈਂ ਤੈਨੂੰ ਪਿਆਰ ਭਰੀ ਮੁਬਾਰਕਬਾਦ ਅਤੇ ਸ਼ੁਭ-ਇੱਛਾਵਾਂ ਦਿੰਦਾ ਹਾਂ। ਤੇਰੀ ਲਗਨ ਅਤੇ ਮਿਹਨਤ ਜ਼ਰੂਰ ਇਕ ਦਿਨ ਤੈਨੂੰ ਉਤਮ ਕਵਿਤਾ ਦੇ ਦੁਆਰ ਤੱਕ ਲੈ ਜਾਵੇਗੀ।
ਹਰ ਚੰਗਾ ਲੇਖਕ ਇਕ ਚੰਗਾ ਪਾਠਕ ਵੀ ਹੁੰਦਾ ਹੈ। ਚੰਗੇ ਸਾਹਿਤ ਤੋਂ ਅਸੀਂ ਸਿਰਫ਼ ਅਨੁਭਵ ਹੀ ਗ੍ਰਹਿਣ ਨਹੀਂ ਕਰਦੇ, ਅਨੁਭਵ ਨੂੰ ਪ੍ਰਗਟ ਕਰਨ ਦਾ ਵੱਲ ਵੀ ਸਿੱਖਦੇ ਹਾਂ। ਸੋ ਸਦਾ ਚੰਗੇ ਸਾਹਿਤ ਦੀ ਸੁਹਬਤ ਵਿਚ ਰਹਿਣਾ। ਸੁਹਿਰਦ ਹੋ ਕੇ ਜੀਉਣਾ। ਆਪਣੀ ਕਵਿਤਾ ਵਿਚ ਆਪਣੇ ਅਨੁਭਵ ਪ੍ਰਤੀ ਸੱਚੇ ਰਹਿਣਾ। ਆਪਣੇ ਦਿਲ ਵਿਚ ਝਾਕ ਕੇ ਲਿਖਣਾ। ਕਵਿਤਾ ਦੇ ਰੂਪ ਪ੍ਰਤੀ ਵੀ ਸੁਚੇਤ ਰਹਿਣਾ ਕਿਉਂਕਿ ਕਵਿਤਾ ਲਈ ਸ਼ਿੱਦਤ ਅਤੇ ਸ਼ਿਲਪ ਦੋਹਾਂ ਦੀ ਜ਼ਰੂਰਤ ਹੁੰਦੀ ਹੈ। ਕਵਿਤਾ ਲਈ ਜਰੂਰੀ ਨਹੀਂ ਬਹੁਤ ਵੱਡਾ ਵਿਸ਼ਾ ਚੁਣਿਆ ਜਾਵੇ, ਘਾਹ ਦੀ ਤਿੜ ਬਾਰੇ ਵੀ ਮਹਾਨ ਕਵਿਤਾ ਲਿਖੀ ਜਾ ਸਕਦੀ ਹੈ।
ਵਤਨੋਂ ਦੂਰ ਦੀਆਂ ਕਵਿਤਾਂ ਵਿਚੋਂ ਮੈਂ ਤੇਰਾ ਸੰਵੇਦਨਾਸ਼ੀਲ ਮਨ ਦੇਖਿਆ, ਇੰਨਸਾਫ, ਬਰਾਬਰੀ ਤੇ ਪਿਆਰ ਭਰੇ ਸੰਸਾਰ ਲਈ ਤੇਰੀ ਸੁਹਿਰਦ ਤਾਂਘ ਦੇਖੀ, ਮਾਨਵਤਾ ਅਤੇ ਕਾਇਨਾਤ ਨਾਲ ਤੇਰਾ ਪਿਆਰ ਦੇਖਿਆ, ਬੇਇਨਸਾਫ਼ੀ, ਫ਼ਿਰਕਾਪ੍ਰਸਤੀ, ਜ਼ੁਲਮ ਭਰੀ ਦੁਨੀਆ ਵਿਚ ਇਕ ਹੱਸਾਸ ਮਨ ਦੀ ਤੜਪ ਦੇਖੀ। ਪੰਜਾਬ ਦਾ ਮੋਹ ਦੇਖਿਆ। ਤੇਰੇ ਜਿਹੇ ਇਨਸਾਨ ਅਤੇ ਕਲਾਕਾਰ ਉਨ੍ਹਾਂ ਰੁੱਖਾਂ ਵਰਗੇ ਹੁੰਦੇ ਹਨ ਜਿਹੜੇ ਪ੍ਰਦੂਸ਼ਨ ਭਰੇ ਜਹਾਨ ਵਿਚ ਰੁੱਖਾਂ ਦੇ ਪੱਤਿਆਂ ਵਾਂਗ ਜ਼ਹਿਰ ਨੂੰ ਅੰਮ੍ਰਿਤ ਵਿਚ ਬਦਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਤੇਰੇ ਲਈ ਬਹੁਤ ਬਹੁਤ ਪਿਆਰ ਤੇ ਆਸ਼ੀਰਵਾਦ।

- ਸੁਰਜੀਤ ਪਾਤਰ

Awesome Inc. theme. Powered by Blogger.